ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਵਿਰਾਟ ਕੋਹਲੀ ਦੀ ਅਗੁਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੌਰ ਨੂੰ ਹਰਾ ਕੇ ਪਲੇਆੱਫ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿੰਦਾ ਰੱਖਿਆ ਹੈ. ਪੰਜਾਬ ਨੇ ਬੈਂਗਲੌਰ ਨੂੰ 8 ਵਿਕਟਾਂ ਨਾਲ ਮਾਤ ਦੇ ਕੇ 2 ਪੁਆਇੰਟ ਹਾਸਲ ਕੀਤੇ. ਇਸ ਜਿੱਤ ਦੇ ਬਾਵਜੂਦ, ਉਹ ਇਸ ਸੀਜ਼ਨ ਵਿਚ ਹੁਣ ਤਕ ਅੱਠ ਮੈਚ ਖੇਡਣ ਤੋਂ ਬਾਅਦ ਚਾਰ ਅੰਕਾਂ ਨਾਲ ਪੁਆਇੰਟ ਟੇਬਲ ਤੇ ਸਭ ਤੋਂ ਹੇਠਾਂ ਹਨ.

ਹੁਣ ਪੰਜਾਬ ਦਾ ਅਗਲਾ ਮੈਚ ਇਸ ਟੂਰਨਾਮੈਂਟ ਦੀ ਸਭ ਤੋਂ ਮਜਬੂਤ ਟੀਮ ਮੁੰਬਈ ਇੰਡੀਅਨਜ ਨਾਲ ਹੋਣ ਜਾ ਰਿਹਾ ਹੈ. ਐਤਵਾਰ ਨੂੰ ਦੋਵੇਂ ਟੀਮਾਂ ਆਹਮਣੇ ਸਾਹਮਣੇ ਹੋਣਗੀਆਂ. ਇਸ ਮੈਚ ਤੋਂ ਪਹਿਲਾਂ ਕਿੰਗਜ ਇਲੈਵਨ ਪੰਜਾਬ ਦੇ ਹੈਡ ਕੋਚ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਉਹਨਾਂ ਨੂੰ ਭਰੋਸਾ ਹੈ ਕਿ ਉਹਨਾਂ ਦੀ ਟੀਮ ਮੁੰਬਈ ਦੀ ਟੀਮ ਨੂੰ ਹਰਾ ਸਕਦੀ ਹੈ.

ਮੈਚ ਤੋਂ ਪਹਿਲਾਂ ਅਨਿਲ ਕੁੰਬਲੇ ਨੇ cricketnmore.com ਨਾਲ ਖਾਸ ਇੰਟਰਵਿਉ ਦੌਰਾਨ ਕਿਹਾ, "ਸਾਡੇ ਲਈ ਜਿੱਤਣਾ ਜਰੂਰੀ ਸੀ. ਪਰ ਅਸੀਂ ਪਿਛਲਾ ਮੈਚ ਆਖਰੀ 2 ਓਵਰਾਂ ਤੱਕ ਲੈ ਗਏ ਸੀ, ਜੋ ਕਿ ਸ਼ਾਇਦ ਨਹੀਂ ਹੋਣਾ ਚਾਹੀਦਾ ਸੀ. ਪਰ ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਟੀਮ ਨੇ ਸ਼ਾਨਦਾਰ ਖੇਡ ਦਿਖਾਇਆ. ਸਾਡੇ ਗੇਂਦਬਾਜਾਂ ਨੇ ਵੀ ਆਰਸੀਬੀ ਨੂੰ ਇਕ ਲਿਮੀਟੇਡ ਸਕੋਰ ਤੇ ਰੋਕ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ. ਮੈਂ ਟੀਮ ਦੇ ਪਿਛਲੇ ਮੈਚ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ. ਮੁੰਬਈ ਦੇ ਖਿਲਾਫ ਮੈਚ ਵਿਚ ਟੀਮ ਆਤਮਵਿਸ਼ਵਾਸ ਨਾਲ ਉਤਰੇਗੀ. ਉਹਨਾਂ ਦੀ ਟੀਮ ਬਹੁਤ ਤਗੜੀ ਹੈ ਅਤੇ ਉਹਨਾਂ ਦਾ ਕਾੱਮਬਿਨੇਸ਼ਨ ਵੀ ਚੰਗਾ ਹੈ ਅਤੇ ਸਾਨੂੰ ਉਹਨਾਂ ਦੇ ਖਿਲਾਫ ਚੰਗਾ ਖੇਡ ਦਿਖਾਣਾ ਹੋਵੇਗਾ."

ਉਹਨਾਂ ਨੇ ਅੱਗੇ ਕਿਹਾ, "ਇਹ ਮੈਚ ਦੁਬਈ ਵਿਚ ਹੋਣ ਜਾ ਰਿਹਾ ਹੈ ਅਤੇ ਅਸੀਂ ਦੇਖਿਆ ਹੈ ਕਿ ਹੁਣ ਵਿਕਟਾਂ ਬਦਲ ਰਹੀਆਂ ਹਨ. ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਇਸ ਮੁਕਾਬਲੇ ਵਿਚ ਜਿੱਤ ਸਕਦੇ ਹਾਂ. ਖਿਡਾਰੀ ਜਾਣਦੇ ਹਨ ਕਿ ਉਹਨਾਂ ਨੂੰ ਇੱਥੋਂ ਹਰ ਮੈਚ ਜਿੱਤਣਾ ਜਰੂਰੀ ਹੈ, ਪਰ ਸਾਨੂੰ ਇਕ ਸਮੇਂ ਤੇ ਇਕ ਮੈਚ ਲੈਣ ਦੀ ਜਰੂਰਤ ਹੈ. ਪਰ ਸਾਨੂੰ ਇਹ ਵੀ ਇਹਸਾਸ ਹੈ ਅਤੇ ਸਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਦੀ ਕ੍ਰਿਕਟ ਅਸੀਂ ਪਿਛਲੇ 7-8 ਮੈਚਾਂ ਵਿਚ ਖੇਡੀ ਹੈ, ਅਸੀੰ ਜਾਣਦੇ ਹਾਂ ਕਿ ਅਸੀਂ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਪੁਆਇੰਟ ਟੇਬਲ ਸ਼ਾਇਦ ਉਹ ਨਹੀਂ ਦਿਖਾ ਰਿਹਾ.

ਇਸ ਮਹਾਨ ਸਪਿਨਰ ਨੇ ਕਿਹਾ ਕਿ ਟੀਮ ਤੇ ਦਬਾਅ ਹੋਵੇਗਾ ਪਰ ਅਸੀਂ ਉਸ ਨਾਲ ਨਿਪਟਣਾ ਜਾਣਦੇ ਹਾਂ. ਉਹਨਾਂ ਨੇ ਕਿਹਾ, "ਖਿਡਾਰੀਆਂ ਤੇ ਦਬਾਅ ਹੋਵੇਗਾ, ਪਰ ਕ੍ਰਿਕਟ ਵਿਚ ਇਸ ਤਰ੍ਹਾਂ ਹੀ ਹੁੰਦਾ ਹੈ. ਸਾਨੂੰ ਇਕ ਸਮੇਂ ਤੇ ਇਕ ਮੈਚ ਬਾਰੇ ਹੀ ਸੋਚਣਾ ਚਾਹੀਦਾ ਹੈ, ਨਾ ਕਿ ਬਾਕੀ ਬਚੇ 6 ਮੈਚਾਂ ਬਾਰੇ ਸੋਚ ਕੇ ਖੁੱਦ ਤੇ ਦਬਾਅ ਲਿਆ ਜਾਵੇ. ਸਾਨੂੰ ਸਿਰਫ ਹਰ ਮੈਚ ਖੇਡਣ ਦੀ ਲੋਰ ਹੈ ਅਤੇ ਉਸਨੂੰ ਜਿੱਤਣ ਤੇ ਧਿਆਨ ਦੇਣਾ ਚਾਹੀਦਾ ਹੈ. ਉਸ ਤੋਂ ਬਾਅਦ ਦੇਖਿਆ ਜਾਵੇਗਾ ਕਿ ਅਸੀਂ ਕੀ ਕਰ ਸਕਦੇ ਹਾਂ."