ਆਈਪੀਐਲ ਸੀਜਨ-13 ਵਿਚ ਕਿੰਗਜ ਇਲੈਵਨ ਪੰਜਾਬ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਆਪਣੇ ਪਿਛਲੇ ਦੋਵੇਂ ਮੁਕਾਬਲੇ ਜਿੱਤੇ ਹਨ. ਹੁਣ ਪੰਜਾਬ ਦਾ ਅਗਲਾ ਮੁਕਾਬਲਾ ਦਿੱਲੀ ਕੈਪਿਟਲਸ ਨਾਲ ਹੋਣ ਜਾ ਰਿਹਾ ਹੈ ਅਤੇ ਹੁਣ ਇਹ ਮੈਚ ਵੀ ਕੇ ਐਲ ਰਾਹੁਲ ਦੀ ਟੀਮ ਲਈ ਅਹਿਮ ਹੋਣ ਜਾ ਰਿਹਾ ਹੈ. ਇਸ ਮੈਚ ਤੋਂ ਪਹਿਲਾਂ ਕਿੰਗਜ ਇਲੈਵਨ ਪੰਜਾਬ ਦੇ ਹੈਡ ਕੋਚ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਟੀਮ ਇਸ ਮੁਕਾਬਲੇ ਲਈ ਵੀ ਤਿਆਰ ਹੈ ਅਤੇ ਅਸੀਂ ਇਕ ਸਮੇਂ ਤੇ ਇਕ ਮੈਚ ਬਾਰੇ ਹੀ ਸੋਚ ਰਹੇ ਹਾਂ.

cricketnmore.com ਨਾਲ ਇਕ ਖਾਸ ਇੰਟਰਵਿਉ ਵਿਚ ਅਨਿਲ ਕੁੰਬਲੇ ਨੇ ਕਿਹਾ, "ਇਸ ਸੀਜਨ ਦੀ ਸ਼ੁਰੂਆਤ ਤੋਂ ਹੀ ਟੀਮ ਦੇ ਅੰਦਰ ਬਹੁਤ ਹੀ ਚੰਗਾ ਮਾਹੌਲ ਰਿਹਾ ਹੈ. ਹਾਲਾੰਕਿ, ਕੁਝ ਨਤੀਜੇ ਸਾਡੇ ਪੱਖ ਵਿਚ ਨਹੀਂ ਆਏ, ਪਰ ਪਿਛਲੇ ਦੋ ਮੈਚਾਂ ਦੇ ਨਤੀਜੇ ਸਾਡੇ ਪੱਖ ਵਿਚ ਆਏ ਹਨ. ਮੈਨੂੰ ਇਸ ਗੱਲ ਤੇ ਮਾਣ ਹੈ ਕਿ ਅਸੀਂ ਮੁੰਬਈ ਦੇ ਖਿਲਾਫ ਆਖਰੀ ਗੇਂਦ ਤੱਕ ਲੜੇ. ਜੇ ਤੁਸੀਂ ਮੁੰਬਈ ਵਰਗੀ ਟੀਮ ਨੂੰ ਇਸ ਤਰੀਕੇ ਨਾਲ ਹਰਾਉਂਦੇ ਹੋ ਤਾਂ ਆਤਮਵਿਸ਼ਵਾਸ ਵੱਧਦਾ ਹੈ. ਸਾਡੇ ਲਈ ਚੀਜਾਂ ਹੋਰ ਵਧੀਆ ਹੋ ਸਕਦੀਆਂ ਸੀ."

ਇਸ ਮਹਾਨ ਲੈਗ ਸਪਿਨਰ ਨੇ ਦਿੱਲੀ ਦੇ ਖਿਲਾਫ ਮੁਕਾਬਲੇ ਬਾਰੇ ਗੱਲ ਕਰਦਿਆਂ ਕਿਹਾ, ਅਸੀਂ ਜਾਣਦੇ ਹਾਂ ਕਿ ਹੁਣ ਸਾਡਾ ਮੁਕਾਬਲਾ ਪੁਆਇੰਟ ਟੇਬਲ ਤੇ ਟਾੱਪ ਦੀ ਟੀਮ ਦਿੱਲੀ ਦੀ ਟੀਮ ਨਾਲ ਹੈ. ਅਸੀਂ ਪਹਿਲੇ ਮੁਕਾਬਲੇ ਵਿਚ ਉਹਨਾਂ ਦੇ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਸੀ. ਸਾਡਾ ਆਤਮਵਿਸ਼ਵਾਸ ਕਾਫੀ ਵੱਧਿਆ ਹੈ. ਅਸੀਂ ਇਸ ਮੈਚ ਵਿਚ ਪੂਰੀ ਤਾਕਤ ਨਾਲ ਜਾਵਾਂਗੇ. ਅਸੀਂ ਜਾਣਦੇ ਹਾਂ ਕਿ ਇੱਥੋਂ ਸਾਨੂੰ ਹਰ ਮੈਚ ਜਿੱਤਣ ਦੀ ਜਰੂਰਤ ਹੈ, ਪਰ ਅਸੀਂ ਇਨ੍ਹੀਂ ਦੂਰ ਦੀ ਨਹੀਂ ਸੋਚ ਰਹੇ ਹਾਂ. ਅਸੀਂ ਇਕ ਸਮੇਂ ਤੇ ਇਕ ਮੈਚ ਬਾਰੇ ਹੀ ਸੋਚ ਰਹੇ ਹਾਂ ਅਤੇ ਹੁਣ ਸਾਡਾ ਧਿਆਨ ਸਿਰਫ ਇਸ ਮੈਚ ਤੇ ਹੈ. ਸਾਨੂੰ ਜਿਆਦਾ ਕੁਝ ਕਰਨ ਦੀ ਲੋੜ ਨਹੀਂ ਹੋਵੇਗੀ ਬਸ ਆਮਤੌਰ ਤੇ ਜੋ ਚੀਜਾਂ ਕਰਦੇ ਆਏ ਹਾਂ ਉਹਨਾਂ ਨੂੰ ਸਹੀ ਢੰਗ ਨਾਲ ਕਰਨਾ ਹੋਵੇਗਾ."

ਇਸ ਸਮੇਂ ਪੰਜਾਬ ਦੀ ਟੀਮ 6 ਪੁਆਇੰਟਸ ਨਾਲ ਟੇਬਲ ਤੇ 7ਵੇਂ ਨੰਬਰ ਤੇ ਹੈ ਅਤੇ ਇੱਥੋਂ ਉਹਨਾਂ ਦਾ ਸਫਰ ਕਾਫੀ ਮੁਸ਼ਕਲ ਰਹਿਣ ਵਾਲਾ ਹੈ ਅਤੇ ਦੇਖਣਾ ਹੋਵੇਗਾ ਕਿ ਰਾਹੁਲ ਐਂਡ ਕੰਪਨੀ ਅੱਗੇ ਦੀ ਰਾਹ ਕਿਸ ਤਰ੍ਹਾਂ ਤੈਅ ਕਰਦੀ ਹੈ.